Monday, June 28, 2010

ਗ਼ਜ਼ਲ/ਨਜ਼ਮ "ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ, ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |"

ਗ਼ਜ਼ਲ/ਨਜ਼ਮ "ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ, ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |"
Share
ਇਹ ਰਚਨਾ ਮੈਂ ਮਿੱਤਰ "ਰੈਕਟਰ ਕਥੂਰੀਆ" ਹੋਰਾਂ ਨੂੰ ਪੜ੍ਹਨ ਲਈ ਭੇਜੀ ਸੀ ਜੋ ਉਹਨਾਂ ਬੜੇ ਸੁੰਦਰ ਤਰੀਕੇ ਨਾਲ ਆਪਣੇ ਆਨ ਲਾਈਨ ਮੈਗਜੀਨ "ਪੰਜਾਬ ਸਕ੍ਰੀਨ" ਤੇ ਆਪਣੀ ਟਿੱਪਣੀ ਨਾਲ ਲਗਾਈ ਹੈ | ਇਥੇ ਫੇਸ ਬੁਕ ਦੇ ਪਾਠਕਾਂ ਲਾਈ ਸਾਂਝੀ ਕਰ ਰਿਹਾ ਹਾਂ | ਇਸਦੇ ਪਹਿਲੇ ਦੋ ਸ਼ੇਅਰ ਪਹਿਲਾਂ ਮੈਂ ਆਪਣੀ ਵਾਲ ਤੇ ਸਾਂਝੇ ਕਰ ਚੁੱਕਾ ਹਾਂ |

ਛੰਨੇ ਵਿੱਚ ਲੱਸੀ ਪਾ ਕੇ ਮੰਜੇ ਉੱਤੇ ਰਖਦਿਆਂ
ਹੱਥ ਜਦੋਂ ਛੱਡੇ ਗੋਰੀ ਛੰਨਾ ਕੰਬ ਉਠਿਆ |
ਮਿਠੀ ਮੁਸਕਾਨ ਜਦੋਂ ਸੁੱਟੀ ਉਹਨੇ ਮੇਰੇ ਉੱਤੇ
ਰੱਬ ਦੀ ਸੌਂਹ ਮੈਂ ਸਾਰੇ ਦਾ ਸਾਰਾ ਕੰਬ ਉਠਿਆ |

ਪਿੰਡ ਵਿਚ ਤੀਆਂ ਵਾਲਾ ਮੇਲਾ ਲੱਗਾ , ਮੇਲੇ ਵਿਚ ,
ਗਿੱਧਾ ਪਾਇਆ ਮੁਟਿਆਰਾਂ, ਸੁਹਣੀਆਂ ਸੁਨੱਖੀਆਂ ,
ਜਿਵੇਂ ਜਿਵੇਂ ਧਰਤੀ ਤੇ, ਕੁੜੀਆਂ ਧਮਾਲ ਪਾਈ,
ਉਵੇਂ ਉਵੇਂ ਧਰਤੀ ਦਾ, ਪਿੰਡਾ ਕੰਬ ਉਠਿਆ |

ਦਰੀਆਂ ਤੇ ਖੇਸ ਜਦੋਂ ਰੈਡੀ ਮੇਡ ਆਓਣ ਲੱਗੇ
ਗਲੀਆਂ 'ਚ ਚਰਖੇ ਦੀ ਘੂਕ ਨੂੰ ਗ੍ਰਹਿਣ ਲੱਗਾ
ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ
ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |

ਚੋਟੀ ਲੱਗੀ ਨਾਨਕੀ ਪਰਤ ਆਈ ਵੇਖ ਕੇ ਤੇ
ਹੱਸ ਹੱਸ ਵਹੁਟੀ ਸਾਰੇ ਪਿੰਡ ਵਿਚ ਵੰਡ ਆਈ
ਦੋਹਤੇ ਦੇ ਵਿਆਹ ਤੋਂ ਆਈਆਂ ਮਾਮੀਆਂ ਦਾ ਟੌਹਰ ਵੇਖ
ਸੜੂੰ ਭੁਜੂੰ ਕਰਦਾ ਸ਼ਰੀਕਾ ਕੰਬ ਉਠਿਆ |

ਜਾਂਞੀਆਂ ਨੂੰ ਵਧ ਚੜ੍ਹ ਮੇਲਣਾਂ ਨੇ ਸਿੱਠਣੀਆਂ
ਏਸ ਤਰਾਂ ਦਿੱਤੀਆਂ ਕਿ ਭਖ ਉੱਠੇ ਮਾਮਲੇ
ਦਾਰੂ 'ਚ ਗੜੁੱਚ ਹੋਏ ਜਾਂਞੀਆਂ ਨੇ ਛੰਦ ਪੜ੍ਹੇ
ਵਧਦੀ ਮਕਾਲ ਵੇਖ ਲਾੜਾ ਕੰਬ ਉਠਿਆ ||

No comments:

Post a Comment