ਮੁਆਫੀ ਮੰਗਦਾ ਹਾਂ ਜੀ,
ਤੁਹਾਡਾ ਆਜੜੀ-ਨਾਮਾ,
ਮੈਂ ਇੱਕ ਦਿਨ ਪਾੜ ਦਿੱਤਾ ਸੀ |
ਕਿਓਂਕਿ ਮੇਰੇ ਵੱਲੋਂ,
ਉਸ 'ਚ ਕੀਤੇ,
ਅਹਿਦ ਦਾ
ਮੈਂ ਆਪ ਜਾਮਨ ਹਾਂ |
ਤੇ ਓਸੇ ਆਜੜੀ ਨਾਮੇ ਦੀ,
ਇਹ ਇੱਕ ਸ਼ਰਤ ਸੀ ,
"ਕੋਈ ਉਲਾਹਮਾ ਆਓਣ ਨਹੀਂ ਦੇਣਾ,
ਕਿਸੇ ਦੀ ਵੱਟ ਨਹੀਂ ਲੰਘਣੀ,
ਕਿਸੇ ਦੇ ਖਾਲ 'ਚੋਂ ਪਾਣੀ ਪਿਆਓਣਾ ਨਹੀਂ |"
ਤੁਸਾਂ ਇਹ ਵੀ ਲਿਖਾਇਆ ਸੀ ,
ਕਿ "ਇੱਜੜ ਨੂ ਕਦੀ ਭੁੱਖਾ ਨਹੀਂ ਰਖਣਾ |"
ਇੱਕ ਇਹ ਵੀ ਸ਼ਰਤ ਸੀ ,
" ਜਜ਼ਬਾਤ ਦੇ ਘੋੜੇ
ਬੜੇ ਹੀ ਅੱਥਰੇ ਹੁੰਦੇ ,
ਤੇ ਇਹਨਾਂ ਨੂ ਸਦਾ ਮੂੰਹ ਬੰਨ੍ਹ ਕੇ ,
ਪਾਣੀ ਪਿਲਾਓਣਾ ਹੈ |"
ਬੜਾ ਹੀ ਵਿਲਕਿਆ ਸਾਂ ਮੈਂ
ਜਦੋਂ ਘੋੜੇ ਵੀ ਇੱਜੜ ਵਿੱਚ
ਤੁਸਾਂ ਸ਼ਾਮਿਲ ਕਰਾਏ ਸਨ |
ਜ਼ਰੂਰਤ ਮੰਦ ਸਾਂ, ਇਸ ਲਈ,
ਤੁਹਾਡਾ ਸੱਤੀਂ ਵੀਹੀਂ ਸੌ
ਵੀ ਉਦੋਂ ਮੰਨਿਆਂ ਸਾਂ ਮੈਂ |
ਤੁਸੀਂ ਇਹ ਵੀ ਲਿਖਾਇਆ ਸੀ
ਕਿ ਚਾਰਨ ਵਾਸਤੇ ਜਦ ਵੀ ਲਿਜਾਣੇ
ਜਾਨਵਰ ਬਾਹਰ ,
ਕਿਸੇ ਦੇ ਪੈਰ 'ਚੋਂ ਭੁੱਲ ਕੇ,
ਕਦੀ ਜੰਜੀਰ ਨਾ ਲਾਹੁਣੀ |
ਅਤੇ ਕਿੱਲੇ ਤੋਂ ਵੀ
ਸੰਗਲੀਆਂ ਖੋਹਲਣ ਦੀ
ਹਿਮਾਕਤ ਨਾ ਕਦੀ ਕਰਨੀ |
ਤੁਹਾਡੇ ਆਜੜੀ ਨਾਮੇ ਨੂ
ਮੈਂ ਜਿੰਨਾ ਵੀ ਨਿਭਾ ਸਕਿਆ
ਨਿਭਾਇਆ ਹੈ |
ਤੇ ਸਭ ਸ਼ਰਤਾਂ ਦੀ
ਇਨ ਬਿਨ ਪਾਲਣਾ ਕੀਤੀ |
ਕਿਸੇ ਵੀ ਜਾਨਵਰ ਦੇ ਪੈਰ 'ਚੋਂ
ਜ਼ੰਜੀਰ ਨਾ ਖੋਹਲੀ |
ਅਤੇ ਜਜ਼ਬਾਤ ਦੇ
ਸਭ ਘੋੜਿਆਂ ਨੂ
ਹਰ ਘੜੀ ਧਰਵਾਸ ਦਾ
ਪਾਣੀ ਪਿਲਾਇਆ ਹੈ |
ਮੈਂ ਸਭ ਨੂ ਲਾਰਿਆਂ ਦੀ
ਰੋਜ਼ ਰੱਜਵੀਂ ਚੋਗ ਦਿੱਤੀ ਹੈ |
ਕਿਸੇ ਦੀ ਵੱਟ ਵੀ ਲੰਘਣ ਨਹੀਂ ਦਿੱਤੀ |
ਕਿਸੇ ਦੀ ਅੱਡ ਦੇ ਵਿੱਚੋਂ,
ਪਿਲਾਇਆ ਨਾਂ ਕਦੀ ਪਾਣੀ |
ਇਹ ਮੇਰੀ ਇਲਤਜ਼ਾ ਹੈ ਹੁਣ
ਕਿ ਮੇਰਾ ਮਿਹਨਤਾਨਾ ਤਾਰ
ਇਜਾਜ਼ਤ ਦੇ ਦਿਓ ਮੈਨੂ ,
ਤੇ ਮੈਨੂ ਚਾਰਨਾ ਛੱਡੋ |