ਗ਼ਜ਼ਲ਼
ਕਦੇ ਹਥਾਂ ਕਦੇ ਪੈਰਾਂ ਤੇ, ਉਭਰਦੇ ਰਹੇ ਛਾਲੇ |
ਬੜੇ ਪ੍ਰੇਮੀ ਨੇ, ਆਪਣਿਆਂ ਤਰਾਂ, ਮਿਲਦੇ ਰਹੇ ਛਾਲੇ |
ਅਸੀਂ ਤਾਂ ਸਹਿ ਲਏ ਪਥਰ, ਇਹਨਾ ਕੰਡੇ ਵੀ ਨਾ ਝੱਲੇ
ਲਗੀ ਜਦ ਚੋਭ, ਚੰਦਰੇ, ਦੇਰ ਤਕ, ਰੋਂਦੇ ਰਹੇ ਛਾਲੇ |
ਬੜਾ ਹੀ ਸਿਸਕਦੇ ਹਨ, ਮੇਰਿਆਂ ਪੈਰਾਂ ਦੀ ਪੀੜਾ ਸੰਗ
ਮੇਰੇ ਪੈਰਾਂ ਨੂ ਹੰਝੂਆਂ ਨਾਲ, ਹਨ ਧੋਂਦੇ ਰਹੇ ਛਾਲੇ |
ਮੁਸੀਬਤ ਵਿਚ ਵੀ, ਦਿਲ ਵਾਲਿਆਂ ਦਾ, ਸਾਥ ਨਹੀਂ ਛਡਦੇ,
ਕਿਵੇਂ ਸੱਸੀ ਦੇ ਪੈਰਾਂ ਹੇਠ, ਸਿਰ ਦਿੰਦੇ ਰਹੇ ਛਾਲੇ |
ਇਹਨਾ ਦੀ ਮੇਹਰ ਸੀ, ਵਰਨਾ, ਮੇਰੇ ਵਿਚ ਖਾਸੀਅਤ ਕੀ ਸੀ ,
ਸਦਾ ਹੀ, ਤੇਰੀਆਂ ਅਖੀਆਂ ਨੂ, ਤਰ ਕਰਦੇ ਰਹੇ ਛਾਲੇ |
ਮਿਲੇ ਜੇ 'ਸ਼ਰਫ' ਤਾਂ ਪੁਛੀਏ, ਕਿ ਉਹ ਹੁੰਦੇ ਸੀ ਕੈਸੇ ਦਿਲ,
ਕਿਸੇ ਦੇ ਵੇਖਕੇ ਛਾਲੇ, ਜੋ ਖੁਦ ਹੁੰਦੇ ਰਹੇ ਛਾਲੇ |
ਜੀਓ ਤਰਲੋਕ ਜੀ ਇਹਨਾ ਦਾ ਲੈ ਕੇ ਆਸਰਾ ਜੀਓ
ਕਿ ਸਾਮਾਨ ਜੀਣ ਦਾ ਫਿਸਦੇ ਕਦੀ ਭਰਦੇ ਰਹੇ ਛਾਲੇ |
No comments:
Post a Comment