Monday, December 13, 2010

ਗ਼ਜ਼ਲ "ਏਧਰ ਹਾਦਸੇ ਵਸਦੇ , ਚਿਰੋਕੇ ਵਾਪਰੇ ਹੋਏ"

ਨਤੀਜਾ ਨਿਕਲਿਆ ਤਾਂ ਢੇਰ ਸਾਰੇ ਤਬਸਰੇ ਹੋਏ
ਅਸੀਂ ਜੇ ਫੇਲ ਵੀ ਹੋਏ ਤਾਂ ਕਿਓਂ ਚਰਚੇ ਬੜੇ ਹੋਏ

ਬਣੇ ਜੇ ਕਲਮ ਤਾਂ ਉਹਨਾਂ ਸਿਆਹੀ ਵੀ ਲੁਕਾ ਛੱਡੀ
ਬਣਾ ਕੇ 'ਚਾਕ' ਮੈਨੂੰ ਤੇ ਉਹ ਕੁਝ ਲਿਖਕੇ ਪਰ੍ਹੇ ਹੋਏ

ਉਹ ਜੋ ਦਸ੍ਤੂਰ ਦੁਨੀਆਂ ਦੇ ਚਿਰਾਂ ਤੋਂ ਸੀ ਚਲੇ ਆਓਂਦੇ
ਮੇਰੀ ਵਾਰੀ ਜਦੋਂ ਆਈ ਤਾਂ ਵਖਰੇ ਸਿਲਸਿਲੇ ਹੋਏ

ਨਜਰ ਵਿਚ ਦਿਲ ਟਿਕਾ ਕੇ ਇਸ ਗਲੀ ਨਾਂ ਲੰਘਣਾ ਸੱਜਣ
ਕਿ ਏਧਰ ਹਾਦਸੇ ਵਸਦੇ , ਚਿਰੋਕੇ ਵਾਪਰੇ ਹੋਏ

ਉਦਾਸੀ ਇਸ ਤਰਾਂ ਵੱਸੀ ਹੈ ਸਾਹਾਂ ਮੇਰੀਆਂ ਅੰਦਰ
ਮੇਰੇ ਸ਼ੇਅਰਾਂ ਨੂੰ ਪੜ੍ਹ ਕੇ ਦੋਸਤਾਂ ਨੂੰ ਤੌਖਲੇ ਹੋਏ

Wednesday, December 8, 2010

ਕੁਝ ਟੱਪੇ

ਕੋਈ ਅੱਠਾਂ ਦੀਆਂ ਨੌਂ ਮਾਰਦਾ
ਇੱਕ ਤੇਰਾ ਵਿਗੋਚਾ ਨੀਂ
ਹੋਰ ਸਾਨੂੰ ਕਿਹੜਾ ਗੌਂ ਮਾਰਦਾ

ਪੜ੍ਹ ਪੜ੍ਹ ਗੱਡੇ ਲੱਦ ਲਏ
ਖੂਹ ਭਰ ਲਏ ਅਕਲਾਂ ਦੇ
ਲੰਘ ਗਏ ਮੁਖ ਫੇਰ ਕੇ
ਯਾਰ ਵੱਜਰੀ ਸ਼ਕਲਾਂ ਦੇ

Monday, December 6, 2010

ਗ਼ਜ਼ਲ "ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ"

ਗ਼ਜ਼ਲ
ਜੇ ਤੁਸੀਂ ਚਾਹੁੰਦੇ ਹੋ ਪਾਓਣੀ ਹਰ ਖੁਸ਼ੀ ਮੇਰੀ ਤਰਾਂ
ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ

ਮੁਸ਼ਕਿਲਾਂ ਦੇ ਦੌਰ ਵਿਚ ਵੀ ਮੁਸਕੁਰਾਓਣਾ ਸਿਖ ਲਓ
ਪਹਿਣ ਕੇ ਰਖੋ ਸਦਾ ਜਿੰਦਾ ਦਿਲੀ ਮੇਰੀ ਤਰਾਂ

ਆਪਣੇ ਹਿੱਸੇ ਦੇ ਦੁਖ ਰਖੋ ਲੁਕਾ ਕੇ ਦਿਲ ਦੇ ਵਿਚ
ਵੰਡ ਲਓ ਸਭ ਨਾਲ ਆਪਣੀ ਹਰ ਖੁਸ਼ੀ ਮੇਰੀ ਤਰਾਂ

ਸਬਰ ਦੇ ਨਾਲ ਜ਼ਿੰਦਗੀ ਨੂੰ ਜੀਣ ਦੀ ਸਿਖ ਜਾਚ ਤੂੰ
ਤੈਨੂੰ ਵੀ ਮੁਆਫਕ ਨਹੀਂ ਦੀਵਾਨਗੀ ਮੇਰੀ ਤਰਾਂ

ਇਹ ਜਦੋਂ ਵੀ ਆਓਣਗੇ ਦੇ ਜਾਣਗੇ ਖੁਸ਼ੀਆਂ ਹਜ਼ਾਰ
ਖੋਹਲ ਰਖ ਦਰ ਦੋਸਤਾਂ ਲਈ ਹਰ ਘੜੀ ਮੇਰੀ ਤਰਾਂ

Saturday, December 4, 2010

ਗ਼ਜ਼ਲ



ਦਿਲ 'ਚ ਬਲਦੀ ਅੱਗ ਦੇ ਡਰ ਤੋਂ, ਖਾਮੋਸ਼ੀ ਖਿੱਲਰੀ ਹੈ

ਯਾਰ ਦੇ ਖਤ ਦੇ ਹਰ ਅੱਖਰ ਤੋਂ , ਖਾਮੋਸ਼ੀ ਖਿੱਲਰੀ ਹੈ

ਆਪਣੇ ਇਕਰਾਰ ਦਾ ਦਿਨ ਆਓਣ ਦਾ ਵੇਖ ਇੰਤਜ਼ਾਰ

ਨਜਰ ਨਹੀਂ ਹਟਦੀ ਕਲੰਡਰ ਤੋਂ , ਖਾਮੋਸ਼ੀ ਖਿੱਲਰੀ ਹੈ

ਤੇਰੇ ਹੰਝੂਆਂ ਨਾਲ ਇਸ ਖਾਤਰ ਨਹੀਂ ਹੁਣ ਪਿਘਲਦਾ ਮੈਂ

ਡਰ ਰਹੀ ਤੇਰੇ ਅਡੰਬਰ ਤੋਂ , ਖਾਮੋਸ਼ੀ ਖਿੱਲਰੀ ਹੈ

ਰਾਤ ਦੇ ਤੂਫਾਨ ਦਾ ਕੀ ਸ਼ਹਿਰ ਨੇ ਦੱਸਣਾ ਏ ਹਾਲ

ਪੜ੍ਹ ਰਹੇ ਨੇ ਲੋਕ ਖੰਡਰ ਤੋਂ, ਖਾਮੋਸ਼ੀ ਖਿੱਲਰੀ ਹੈ

ਸ਼ੌਕ ਦੇ ਰਾਹਾਂ ਚੋਂ ਹੁੰਦੀ ਮੇਰੇ ਬੂਹੇ ਆ ਖਲੋਤੀ

ਤੂੰ ਜੋ ਤੋਰੀ ਆਪਣੇ ਦਰ ਤੋਂ, ਖਾਮੋਸ਼ੀ ਖਿੱਲਰੀ ਹੈ

ਤੇਰੇ ਕੋਲੋਂ ਦੂਰ ਜਾ ਕੇ ਜਾਪਦਾ ਹੈ ਇਸਤਰਾਂ

ਦੂਰ ਹੋਇਆਂ ਹਾਂ ਸਮੁੰਦਰ ਤੋਂ , ਖਾਮੋਸ਼ੀ ਖਿੱਲਰੀ ਹੈ

ਦਰ ਤੇਰੇ ਮਥਾ ਘਸਾ ਤਰਲੋਕ ਨੇ ਕੀ ਖੱਟ ਲਿਆ ਹੈ

ਆਸ ਰਖ ਬੈਠਾ ਹਾਂ ਪੱਥਰ ਤੋਂ , ਖਾਮੋਸ਼ੀ ਖਿੱਲਰੀ ਹੈ


Thursday, December 2, 2010

"ਮਿੱਤਰ - ਉਸਤਤ" ਸ਼ਸ਼ੀ ਸਮੁੰਦਰਾ ਲਈ

ਹੇ ਸ਼ਸ਼ੀ ! ਹੇ ਪਿਆਰ ਸਾਗਰ
ਹੇ ਸ਼ਸ਼ੀ ! ਹੇ ਮੋਹ ਦਾ ਮੰਦਿਰ
ਕੋਈ ਵਰ ਦਿਹ
ਵਰ ਲਵਾਂ ਮੈਂ ਖੁਸ਼ੀਆਂ ਦੀ ਸੁਗਾਤ ਨੂੰ
ਝੀਲ ਨੈਣਾਂ ਦੀ 'ਚ ਡੁੱਬ ਕੇ
ਆਪਣੀ ਭੁੱਲ ਔਕਾਤ ਨੂੰ
ਮੋਹ ਦਿਆਂ ਮੰਡਲਾਂ 'ਚ ਉੱਡਾਂ
ਮੈਂ ਗਮਾਂ ਦੀ ਰਾਤ ਨੂੰ
ਹੇ ਸ਼ਸ਼ੀ ! ਹੇ ਪਿਆਰ ਸਾਗਰ

ਨਜ਼ਮ "ਮੈਂ ਕੋਈ ਪੱਥਰ ਨਹੀਂ ਹਾਂ ਰਾਜਿਆ"

ਮੈਂ ਕੋਈ ਪੱਥਰ ਨਹੀਂ ਹਾਂ ਰਾਜਿਆ
ਜੀਂਵਦਾ ਪੁਤਲਾ ਹਾਂ ਹੱਡ ਤੇ ਮਾਸ ਦਾ
ਧੜਕਦੀ ਹੈ ਮੇਰੇ ਵਿਚ ਵੀ ਜਿੰਦਗੀ
ਮੈਂ ਵੀ ਸਾਹ ਲੈਂਦਾ ਹਾਂ
ਤੇ ਹਰ ਤੱਤ ਠੰਡ ਨੂੰ
ਅਪਣੇ ਪਿੰਡੇ ਤੇ ਸਦਾ
ਮਹਿਸੂਸਦਾ ਹਾਂ

ਮੈਂ ਕੋਈ ਤਾਰਾ
ਸਿਰਫ ਬਾਲਾਂ ਦੇ ਵੇਖਣ ਨੂੰ
ਨਹੀਂ ਹਾਂ ਸ਼ੈ ਕੋਈ
ਚਮਕਦੀ ਅੰਬਰ ਤੇ
ਇੱਕ ਹਸਤੀ ਹਾਂ ਮੈਂ

ਮੈਂ ਕੋਈ ਬੁੱਤ ਵੀ ਨਹੀਂ ਜੋ
ਹਾਰ ਗਲ ਵਿਚ ਪਾ ਖਲੋਵਾਂ ਚੌਕ ਵਿਚ
ਦੌੜਦੇ ਵਾਹਨਾਂ ਦਾ ਘੱਟਾ ਸਿਰ ਪੁਆ
ਕੋਈ ਬੀਤੇ ਦੀ ਕਹਾਣੀ ਹੀ ਸਦਾ ਦੱਸਦਾ ਰ੍ਹਵਾਂ

ਮੈਂ ਕੋਈ ਦਰਿਆ ਨਹੀਂ ਹਾਂ ਰਾਜਿਆ
ਆਪਣੇ ਹੀ ਕੰਢਿਆਂ ਅੰਦਰ ਸਦਾ ਵਗਦਾ ਰਹਾਂ
ਨਾਲੇ ਢੋਂਵਾਂ ਸ਼ਹਿਰ ਦਾ ਕੂੜਾ ਤੇ ਗੰਦ
ਤੇ
ਚੁਗਲੀਆਂ ਮੈਂ ਤੇਰੀਆਂ
ਸਾਗਰ ਦੇ ਸਾਂਹਵੇਂ ਜਾ ਕਰਾਂ

ਮੈਂ ਤਾਂ ਹਾਂ ਤੇਰੀ ਰਿਆਇਆ ਰਾਜਿਆ
ਮੈਂ ਹਾਂ ਸਿਰਜਨਹਾਰ ਤੇਰੀ
ਰਾਜਿਆ
ਮੰਗ ਸਕਦੀ ਜੋ ਸਦਾ ਤੈਥੋਂ ਜਵਾਬ
ਫੇਰ ਕੇ ਮੂੰਹ
ਤੇਰਾ ਤਖ੍ਤਾ ਵੀ
ਪਲਟ ਸਕਦਾ ਹਾਂ ਮੈਂ