Saturday, December 4, 2010

ਗ਼ਜ਼ਲ



ਦਿਲ 'ਚ ਬਲਦੀ ਅੱਗ ਦੇ ਡਰ ਤੋਂ, ਖਾਮੋਸ਼ੀ ਖਿੱਲਰੀ ਹੈ

ਯਾਰ ਦੇ ਖਤ ਦੇ ਹਰ ਅੱਖਰ ਤੋਂ , ਖਾਮੋਸ਼ੀ ਖਿੱਲਰੀ ਹੈ

ਆਪਣੇ ਇਕਰਾਰ ਦਾ ਦਿਨ ਆਓਣ ਦਾ ਵੇਖ ਇੰਤਜ਼ਾਰ

ਨਜਰ ਨਹੀਂ ਹਟਦੀ ਕਲੰਡਰ ਤੋਂ , ਖਾਮੋਸ਼ੀ ਖਿੱਲਰੀ ਹੈ

ਤੇਰੇ ਹੰਝੂਆਂ ਨਾਲ ਇਸ ਖਾਤਰ ਨਹੀਂ ਹੁਣ ਪਿਘਲਦਾ ਮੈਂ

ਡਰ ਰਹੀ ਤੇਰੇ ਅਡੰਬਰ ਤੋਂ , ਖਾਮੋਸ਼ੀ ਖਿੱਲਰੀ ਹੈ

ਰਾਤ ਦੇ ਤੂਫਾਨ ਦਾ ਕੀ ਸ਼ਹਿਰ ਨੇ ਦੱਸਣਾ ਏ ਹਾਲ

ਪੜ੍ਹ ਰਹੇ ਨੇ ਲੋਕ ਖੰਡਰ ਤੋਂ, ਖਾਮੋਸ਼ੀ ਖਿੱਲਰੀ ਹੈ

ਸ਼ੌਕ ਦੇ ਰਾਹਾਂ ਚੋਂ ਹੁੰਦੀ ਮੇਰੇ ਬੂਹੇ ਆ ਖਲੋਤੀ

ਤੂੰ ਜੋ ਤੋਰੀ ਆਪਣੇ ਦਰ ਤੋਂ, ਖਾਮੋਸ਼ੀ ਖਿੱਲਰੀ ਹੈ

ਤੇਰੇ ਕੋਲੋਂ ਦੂਰ ਜਾ ਕੇ ਜਾਪਦਾ ਹੈ ਇਸਤਰਾਂ

ਦੂਰ ਹੋਇਆਂ ਹਾਂ ਸਮੁੰਦਰ ਤੋਂ , ਖਾਮੋਸ਼ੀ ਖਿੱਲਰੀ ਹੈ

ਦਰ ਤੇਰੇ ਮਥਾ ਘਸਾ ਤਰਲੋਕ ਨੇ ਕੀ ਖੱਟ ਲਿਆ ਹੈ

ਆਸ ਰਖ ਬੈਠਾ ਹਾਂ ਪੱਥਰ ਤੋਂ , ਖਾਮੋਸ਼ੀ ਖਿੱਲਰੀ ਹੈ


No comments:

Post a Comment