Monday, December 13, 2010
ਗ਼ਜ਼ਲ "ਏਧਰ ਹਾਦਸੇ ਵਸਦੇ , ਚਿਰੋਕੇ ਵਾਪਰੇ ਹੋਏ"
Wednesday, December 8, 2010
ਕੁਝ ਟੱਪੇ
Monday, December 6, 2010
ਗ਼ਜ਼ਲ "ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ"
Saturday, December 4, 2010
ਗ਼ਜ਼ਲ
ਦਿਲ 'ਚ ਬਲਦੀ ਅੱਗ ਦੇ ਡਰ ਤੋਂ, ਖਾਮੋਸ਼ੀ ਖਿੱਲਰੀ ਹੈ
ਯਾਰ ਦੇ ਖਤ ਦੇ ਹਰ ਅੱਖਰ ਤੋਂ , ਖਾਮੋਸ਼ੀ ਖਿੱਲਰੀ ਹੈ
ਆਪਣੇ ਇਕਰਾਰ ਦਾ ਦਿਨ ਆਓਣ ਦਾ ਵੇਖ ਇੰਤਜ਼ਾਰ
ਨਜਰ ਨਹੀਂ ਹਟਦੀ ਕਲੰਡਰ ਤੋਂ , ਖਾਮੋਸ਼ੀ ਖਿੱਲਰੀ ਹੈ
ਤੇਰੇ ਹੰਝੂਆਂ ਨਾਲ ਇਸ ਖਾਤਰ ਨਹੀਂ ਹੁਣ ਪਿਘਲਦਾ ਮੈਂ
ਡਰ ਰਹੀ ਤੇਰੇ ਅਡੰਬਰ ਤੋਂ , ਖਾਮੋਸ਼ੀ ਖਿੱਲਰੀ ਹੈ
ਰਾਤ ਦੇ ਤੂਫਾਨ ਦਾ ਕੀ ਸ਼ਹਿਰ ਨੇ ਦੱਸਣਾ ਏ ਹਾਲ
ਪੜ੍ਹ ਰਹੇ ਨੇ ਲੋਕ ਖੰਡਰ ਤੋਂ, ਖਾਮੋਸ਼ੀ ਖਿੱਲਰੀ ਹੈ
ਸ਼ੌਕ ਦੇ ਰਾਹਾਂ ਚੋਂ ਹੁੰਦੀ ਮੇਰੇ ਬੂਹੇ ਆ ਖਲੋਤੀ
ਤੂੰ ਜੋ ਤੋਰੀ ਆਪਣੇ ਦਰ ਤੋਂ, ਖਾਮੋਸ਼ੀ ਖਿੱਲਰੀ ਹੈ
ਤੇਰੇ ਕੋਲੋਂ ਦੂਰ ਜਾ ਕੇ ਜਾਪਦਾ ਹੈ ਇਸਤਰਾਂ
ਦੂਰ ਹੋਇਆਂ ਹਾਂ ਸਮੁੰਦਰ ਤੋਂ , ਖਾਮੋਸ਼ੀ ਖਿੱਲਰੀ ਹੈ
ਦਰ ਤੇਰੇ ਮਥਾ ਘਸਾ ਤਰਲੋਕ ਨੇ ਕੀ ਖੱਟ ਲਿਆ ਹੈ
ਆਸ ਰਖ ਬੈਠਾ ਹਾਂ ਪੱਥਰ ਤੋਂ , ਖਾਮੋਸ਼ੀ ਖਿੱਲਰੀ ਹੈ
Thursday, December 2, 2010
"ਮਿੱਤਰ - ਉਸਤਤ" ਸ਼ਸ਼ੀ ਸਮੁੰਦਰਾ ਲਈ
ਹੇ ਸ਼ਸ਼ੀ ! ਹੇ ਮੋਹ ਦਾ ਮੰਦਿਰ
ਕੋਈ ਵਰ ਦਿਹ
ਵਰ ਲਵਾਂ ਮੈਂ ਖੁਸ਼ੀਆਂ ਦੀ ਸੁਗਾਤ ਨੂੰ
ਝੀਲ ਨੈਣਾਂ ਦੀ 'ਚ ਡੁੱਬ ਕੇ
ਆਪਣੀ ਭੁੱਲ ਔਕਾਤ ਨੂੰ
ਮੋਹ ਦਿਆਂ ਮੰਡਲਾਂ 'ਚ ਉੱਡਾਂ
ਮੈਂ ਗਮਾਂ ਦੀ ਰਾਤ ਨੂੰ
ਹੇ ਸ਼ਸ਼ੀ ! ਹੇ ਪਿਆਰ ਸਾਗਰ
ਨਜ਼ਮ "ਮੈਂ ਕੋਈ ਪੱਥਰ ਨਹੀਂ ਹਾਂ ਰਾਜਿਆ"
Monday, June 28, 2010
ਗ਼ਜ਼ਲ/ਨਜ਼ਮ "ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ, ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |"
ਛੰਨੇ ਵਿੱਚ ਲੱਸੀ ਪਾ ਕੇ ਮੰਜੇ ਉੱਤੇ ਰਖਦਿਆਂ
ਹੱਥ ਜਦੋਂ ਛੱਡੇ ਗੋਰੀ ਛੰਨਾ ਕੰਬ ਉਠਿਆ |
ਮਿਠੀ ਮੁਸਕਾਨ ਜਦੋਂ ਸੁੱਟੀ ਉਹਨੇ ਮੇਰੇ ਉੱਤੇ
ਰੱਬ ਦੀ ਸੌਂਹ ਮੈਂ ਸਾਰੇ ਦਾ ਸਾਰਾ ਕੰਬ ਉਠਿਆ |
ਪਿੰਡ ਵਿਚ ਤੀਆਂ ਵਾਲਾ ਮੇਲਾ ਲੱਗਾ , ਮੇਲੇ ਵਿਚ ,
ਗਿੱਧਾ ਪਾਇਆ ਮੁਟਿਆਰਾਂ, ਸੁਹਣੀਆਂ ਸੁਨੱਖੀਆਂ ,
ਜਿਵੇਂ ਜਿਵੇਂ ਧਰਤੀ ਤੇ, ਕੁੜੀਆਂ ਧਮਾਲ ਪਾਈ,
ਉਵੇਂ ਉਵੇਂ ਧਰਤੀ ਦਾ, ਪਿੰਡਾ ਕੰਬ ਉਠਿਆ |
ਦਰੀਆਂ ਤੇ ਖੇਸ ਜਦੋਂ ਰੈਡੀ ਮੇਡ ਆਓਣ ਲੱਗੇ
ਗਲੀਆਂ 'ਚ ਚਰਖੇ ਦੀ ਘੂਕ ਨੂੰ ਗ੍ਰਹਿਣ ਲੱਗਾ
ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ
ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |
ਚੋਟੀ ਲੱਗੀ ਨਾਨਕੀ ਪਰਤ ਆਈ ਵੇਖ ਕੇ ਤੇ
ਹੱਸ ਹੱਸ ਵਹੁਟੀ ਸਾਰੇ ਪਿੰਡ ਵਿਚ ਵੰਡ ਆਈ
ਦੋਹਤੇ ਦੇ ਵਿਆਹ ਤੋਂ ਆਈਆਂ ਮਾਮੀਆਂ ਦਾ ਟੌਹਰ ਵੇਖ
ਸੜੂੰ ਭੁਜੂੰ ਕਰਦਾ ਸ਼ਰੀਕਾ ਕੰਬ ਉਠਿਆ |
ਜਾਂਞੀਆਂ ਨੂੰ ਵਧ ਚੜ੍ਹ ਮੇਲਣਾਂ ਨੇ ਸਿੱਠਣੀਆਂ
ਏਸ ਤਰਾਂ ਦਿੱਤੀਆਂ ਕਿ ਭਖ ਉੱਠੇ ਮਾਮਲੇ
ਦਾਰੂ 'ਚ ਗੜੁੱਚ ਹੋਏ ਜਾਂਞੀਆਂ ਨੇ ਛੰਦ ਪੜ੍ਹੇ
ਵਧਦੀ ਮਕਾਲ ਵੇਖ ਲਾੜਾ ਕੰਬ ਉਠਿਆ ||
Monday, June 21, 2010
ਗ਼ਜ਼ਲ "ਰਿਸ਼ਤਿਆਂ ਦੇ ਧੁੰਦਲਕੇ 'ਚੋਂ ਮੈਨੂ ਹੈ ਚਾਨਣ ਦੀ ਭਾਲ"
ਪਿੰਜਰੇ ਦਾ ਖੌਫ਼ ਹੈ ਜਾਂ ਆਹਲਣੇ ਦਾ ਹੈ ਪਿਆਰ |
ਪੰਛੀਆਂ ਦਾ ਨੇੜ ਵਧਦਾ ਜਾ ਰਿਹਾ ਹੈ ਬਿਰਖ ਨਾਲ |
ਓਹ ਕਿਸੇ ਵਿਸ਼ਵਾਸ ਦੀ ਗੱਲ ਕਰ ਰਹੇ ਨੇ ਵਾਰ ਵਾਰ,
ਬਿਰਖ ਦੀ ਛਾਂ ਮਾਣ ਕੇ ਜੋ ਮਿਲ ਗਏ ਆਰੀ ਦੇ ਨਾਲ |
ਬਿਰਖ ਦੀ ਮਾਸੂਮੀਅਤ ਤੇ ਬਹੁਤ ਹੀ ਆਓਂਦਾ ਹੈ ਪਿਆਰ,
ਨਾ ਬਚਾ ਸੱਕਿਆ ਫਲਾਂ ਨੂੰ ਕੱਜ ਕੇ ਪੱਤਿਆਂ ਦੇ ਨਾਲ |
ਜਾਪਦੈ ਤੈਨੂ ਡਰਾਓਂਦੀ ਹੈ ਤੇਰੇ ਮਨ ਦੀ ਹਵਾੜ੍ਹ,
ਜਾਣ ਬੁਝ ਕੇ ਕੌਣ ਨਹੀਂ ਤੁਰਦਾ ਭਲਾ ਖੁਸ਼ਬੂ ਦੇ ਨਾਲ |
ਪੈਰ ਸਨ ਤੇ ਸਫਰ ਸੀ, ਸਾਂਹਵੇਂ ਦਿਸ਼ਾ ਕੋਈ ਨਾ ਸੀ,
ਰੇਤਲੇ ਰਾਹਾਂ 'ਚ ਥੱਕਿਆਂ, ਪੈੜ ਤੇਰੀ ਭਾਲ ਭਾਲ |
ਨੂਰ ਦਾ ਝਲਕਾਰਾ ਦੇ ਕੇ ਮੀਟੀਆਂ ਅਖੀਆਂ ਕਿਸੇ
ਰਿਸ਼ਤਿਆਂ ਦੇ ਧੁੰਦਲਕੇ 'ਚੋਂ ਮੈਨੂ ਹੈ ਚਾਨਣ ਦੀ ਭਾਲ |
Wednesday, June 16, 2010
ਗ਼ਜ਼ਲ "ਕਿਤੇ ਦੀਵਾ ਜਗੇ, ਚਾਨਣ ਮਿਲੇ ਤਾਂ ਲੈ ਲਿਆ ਕਰਨਾਂ"
ਕਿਤੇ ਦੀਵਾ ਜਗੇ, ਚਾਨਣ ਮਿਲੇ ਤਾਂ ਲੈ ਲਿਆ ਕਰਨਾਂ |
ਕਿ ਮੇਰੇ ਵਾਂਗ ਨਾਂ ਹਰ ਕਿਰਨ ਪਰਖਣ ਲੱਗ ਪਿਆ ਕਰਨਾਂ |
ਅੜੇ, ਡਿੱਗੇ , ਤੁਰੇ, ਫਿਰ ਡਿਗ ਪਏ, ਪਰ ਨਾਂ ਰੁਕੇ ਫਿਰ ਵੀ,
ਅਜੇਹੇ ਸ਼ਖਸ਼ ਮੰਜ਼ਿਲ ਪਾਓਣਗੇ, ਇਹ ਵੇਖਿਆ ਕਰਨਾਂ |
ਮੇਰੇ ਮਹਿਰਮ , ਇਹ ਅਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ,
ਜੇ ਦੁਨੀਆਂ ਹੱਸਦੀ ਵੇਖੋ, ਤੁਸੀਂ ਵੀ ਹੱਸਿਆ ਕਰਨਾਂ |
ਕਿਸੇ ਇਕਰਾਰ ਦਾ ਗਲ ਘੁੱਟ ਕੇ ਬਦਨਾਮ ਨਾ ਹੋਣਾ,
ਕੋਈ ਰਾਹਾਂ 'ਚ ਪਥਰ ਹੋ ਰਿਹੈ, ਇਹ ਸੋਚਿਆ ਕਰਨਾਂ |
ਤੇਰੇ ਅੰਬਰ ਤੇ ਚਾਨਣ ਹੋਏਗਾ, ਪਰ ਮੈਂ ਨਹੀਂ ਹੋਣਾ,
ਨਹੀਂ ਦਿਲ ਨੂੰ ਡੁਲਾਓਣਾ, ਬਸ "ਓਹ ਜਾਣੇ " ਆਖਿਆ ਕਰਨਾਂ |
Sunday, June 6, 2010
Wednesday, April 21, 2010
ਨਜ਼ਮ " ਆਜੜੀ-ਨਾਮਾ "
ਮੁਆਫੀ ਮੰਗਦਾ ਹਾਂ ਜੀ,
ਤੁਹਾਡਾ ਆਜੜੀ-ਨਾਮਾ,
ਮੈਂ ਇੱਕ ਦਿਨ ਪਾੜ ਦਿੱਤਾ ਸੀ |
ਕਿਓਂਕਿ ਮੇਰੇ ਵੱਲੋਂ,
ਉਸ 'ਚ ਕੀਤੇ,
ਅਹਿਦ ਦਾ
ਮੈਂ ਆਪ ਜਾਮਨ ਹਾਂ |
ਤੇ ਓਸੇ ਆਜੜੀ ਨਾਮੇ ਦੀ,
ਇਹ ਇੱਕ ਸ਼ਰਤ ਸੀ ,
"ਕੋਈ ਉਲਾਹਮਾ ਆਓਣ ਨਹੀਂ ਦੇਣਾ,
ਕਿਸੇ ਦੀ ਵੱਟ ਨਹੀਂ ਲੰਘਣੀ,
ਕਿਸੇ ਦੇ ਖਾਲ 'ਚੋਂ ਪਾਣੀ ਪਿਆਓਣਾ ਨਹੀਂ |"
ਤੁਸਾਂ ਇਹ ਵੀ ਲਿਖਾਇਆ ਸੀ ,
ਕਿ "ਇੱਜੜ ਨੂ ਕਦੀ ਭੁੱਖਾ ਨਹੀਂ ਰਖਣਾ |"
ਇੱਕ ਇਹ ਵੀ ਸ਼ਰਤ ਸੀ ,
" ਜਜ਼ਬਾਤ ਦੇ ਘੋੜੇ
ਬੜੇ ਹੀ ਅੱਥਰੇ ਹੁੰਦੇ ,
ਤੇ ਇਹਨਾਂ ਨੂ ਸਦਾ ਮੂੰਹ ਬੰਨ੍ਹ ਕੇ ,
ਪਾਣੀ ਪਿਲਾਓਣਾ ਹੈ |"
ਬੜਾ ਹੀ ਵਿਲਕਿਆ ਸਾਂ ਮੈਂ
ਜਦੋਂ ਘੋੜੇ ਵੀ ਇੱਜੜ ਵਿੱਚ
ਤੁਸਾਂ ਸ਼ਾਮਿਲ ਕਰਾਏ ਸਨ |
ਜ਼ਰੂਰਤ ਮੰਦ ਸਾਂ, ਇਸ ਲਈ,
ਤੁਹਾਡਾ ਸੱਤੀਂ ਵੀਹੀਂ ਸੌ
ਵੀ ਉਦੋਂ ਮੰਨਿਆਂ ਸਾਂ ਮੈਂ |
ਤੁਸੀਂ ਇਹ ਵੀ ਲਿਖਾਇਆ ਸੀ
ਕਿ ਚਾਰਨ ਵਾਸਤੇ ਜਦ ਵੀ ਲਿਜਾਣੇ
ਜਾਨਵਰ ਬਾਹਰ ,
ਕਿਸੇ ਦੇ ਪੈਰ 'ਚੋਂ ਭੁੱਲ ਕੇ,
ਕਦੀ ਜੰਜੀਰ ਨਾ ਲਾਹੁਣੀ |
ਅਤੇ ਕਿੱਲੇ ਤੋਂ ਵੀ
ਸੰਗਲੀਆਂ ਖੋਹਲਣ ਦੀ
ਹਿਮਾਕਤ ਨਾ ਕਦੀ ਕਰਨੀ |
ਤੁਹਾਡੇ ਆਜੜੀ ਨਾਮੇ ਨੂ
ਮੈਂ ਜਿੰਨਾ ਵੀ ਨਿਭਾ ਸਕਿਆ
ਨਿਭਾਇਆ ਹੈ |
ਤੇ ਸਭ ਸ਼ਰਤਾਂ ਦੀ
ਇਨ ਬਿਨ ਪਾਲਣਾ ਕੀਤੀ |
ਕਿਸੇ ਵੀ ਜਾਨਵਰ ਦੇ ਪੈਰ 'ਚੋਂ
ਜ਼ੰਜੀਰ ਨਾ ਖੋਹਲੀ |
ਅਤੇ ਜਜ਼ਬਾਤ ਦੇ
ਸਭ ਘੋੜਿਆਂ ਨੂ
ਹਰ ਘੜੀ ਧਰਵਾਸ ਦਾ
ਪਾਣੀ ਪਿਲਾਇਆ ਹੈ |
ਮੈਂ ਸਭ ਨੂ ਲਾਰਿਆਂ ਦੀ
ਰੋਜ਼ ਰੱਜਵੀਂ ਚੋਗ ਦਿੱਤੀ ਹੈ |
ਕਿਸੇ ਦੀ ਵੱਟ ਵੀ ਲੰਘਣ ਨਹੀਂ ਦਿੱਤੀ |
ਕਿਸੇ ਦੀ ਅੱਡ ਦੇ ਵਿੱਚੋਂ,
ਪਿਲਾਇਆ ਨਾਂ ਕਦੀ ਪਾਣੀ |
ਇਹ ਮੇਰੀ ਇਲਤਜ਼ਾ ਹੈ ਹੁਣ
ਕਿ ਮੇਰਾ ਮਿਹਨਤਾਨਾ ਤਾਰ
ਇਜਾਜ਼ਤ ਦੇ ਦਿਓ ਮੈਨੂ ,
ਤੇ ਮੈਨੂ ਚਾਰਨਾ ਛੱਡੋ |
Wednesday, April 7, 2010
ਗ਼ਜ਼ਲ਼
ਤੈਨੂ ਵੇਖ ਕੇ, ਮਨ ਦੇ ਅੰਦਰ, ਸਾਂਭਣ ਨੂ , ਦਿਲ ਕਰਦਾ ਹੈ |
ਕਿਤੇ ਗੁਆਚ ਨਾ ਜਾਵੇਂ, ਅਖੀਆਂ ਮੀਚਣ ਨੂ , ਦਿਲ ਕਰਦਾ ਹੈ |
ਤੇਰੇ ਨੈਣਾਂ ਦੀ ਡੂੰਘਾਈ, ਨਾਪਣ ਨੂ, ਦਿਲ ਕਰਦਾ ਹੈ,
ਇਕ ਝੀਲ ਦੇ ਅੰਦਰ ਮੇਰਾ, ਡੁੱਬਣ ਨੂ , ਦਿਲ ਕਰਦਾ ਹੈ |
ਹੋਰ ਕੋਈ ਨਾ ਵੇਖੇ ਉਸਨੂ, ਏਦਾਂ ਕਿਤੇ ਲੁਕਾਵਾਂ ਮੈਂ,
ਇੰਟਰ-ਨੈਟ ਤੋਂ ਸੁਹਣੇ ਯਾਰ, ਡਲੀਟਣ ਨੂ ਦਿਲ ਕਰਦਾ ਹੈ |
ਜਿਸਮ ਤੇਰੇ ਦਾ ਇਕ ਇਕ ਅਖਰ, ਘੋਖਣ ਨੂ , ਦਿਲ ਕਰਦਾ ਹੈ,
ਗਜਲ ਦੇ ਵਾਂਗੂੰ ਤੇਰਾ ਰੂਪ, ਸ਼ਿੰਗਾਰਨ ਨੂ ਦਿਲ ਕਰਦਾ ਹੈ |
ਥੋੜਾ ਥੋੜਾ ਕਰਕੇ, ਜੋ ਸਾਰੇ ਦਾ ਸਾਰਾ, ਚਲਾ ਗਿਆ,
ਉਸਨੂ , ਮਨ ਦੀਆਂ ਨੁੱਕਰਾਂ ਵਿਚੋਂ, ਭਾਲਣ ਨੂ ਦਿਲ ਕਰਦਾ ਹੈ |
ਤੰਗ ਆਇਆ ਹਾਂ, ਬਾਜ਼ਾਰਾਂ ਦੀ, ਭੀੜ ਤੋਂ, ਸ਼ੋਰ ਸ਼ਰਾਬੇ ਤੋਂ,
ਤੇਰੇ ਨਾਲ ਅੱਜ ਮਨ ਦੇ ਅੰਦਰ, ਉਤਰਨ ਨੂ , ਦਿਲ ਕਰਦਾ ਹੈ |
ਉਹ ਨੇਤਾ ਜੋ ਲਾਰੇ, ਮਿਠੇ ਬੋਲਾਂ ਨਾਲ, ਪਰੋਸ ਗਿਆ,
ਫੇਰ ਸੁਣਾਂ ਅੱਜ, ਉਸ ਨੇਤਾ ਦੇ, ਭਾਸ਼ਣ ਨੂ , ਦਿਲ ਕਰਦਾ ਹੈ
Tuesday, April 6, 2010
ਗ਼ਜ਼ਲ਼
ਗ਼ਜ਼ਲ਼
ਕਦੇ ਹਥਾਂ ਕਦੇ ਪੈਰਾਂ ਤੇ, ਉਭਰਦੇ ਰਹੇ ਛਾਲੇ |
ਬੜੇ ਪ੍ਰੇਮੀ ਨੇ, ਆਪਣਿਆਂ ਤਰਾਂ, ਮਿਲਦੇ ਰਹੇ ਛਾਲੇ |
ਅਸੀਂ ਤਾਂ ਸਹਿ ਲਏ ਪਥਰ, ਇਹਨਾ ਕੰਡੇ ਵੀ ਨਾ ਝੱਲੇ
ਲਗੀ ਜਦ ਚੋਭ, ਚੰਦਰੇ, ਦੇਰ ਤਕ, ਰੋਂਦੇ ਰਹੇ ਛਾਲੇ |
ਬੜਾ ਹੀ ਸਿਸਕਦੇ ਹਨ, ਮੇਰਿਆਂ ਪੈਰਾਂ ਦੀ ਪੀੜਾ ਸੰਗ
ਮੇਰੇ ਪੈਰਾਂ ਨੂ ਹੰਝੂਆਂ ਨਾਲ, ਹਨ ਧੋਂਦੇ ਰਹੇ ਛਾਲੇ |
ਮੁਸੀਬਤ ਵਿਚ ਵੀ, ਦਿਲ ਵਾਲਿਆਂ ਦਾ, ਸਾਥ ਨਹੀਂ ਛਡਦੇ,
ਕਿਵੇਂ ਸੱਸੀ ਦੇ ਪੈਰਾਂ ਹੇਠ, ਸਿਰ ਦਿੰਦੇ ਰਹੇ ਛਾਲੇ |
ਇਹਨਾ ਦੀ ਮੇਹਰ ਸੀ, ਵਰਨਾ, ਮੇਰੇ ਵਿਚ ਖਾਸੀਅਤ ਕੀ ਸੀ ,
ਸਦਾ ਹੀ, ਤੇਰੀਆਂ ਅਖੀਆਂ ਨੂ, ਤਰ ਕਰਦੇ ਰਹੇ ਛਾਲੇ |
ਮਿਲੇ ਜੇ 'ਸ਼ਰਫ' ਤਾਂ ਪੁਛੀਏ, ਕਿ ਉਹ ਹੁੰਦੇ ਸੀ ਕੈਸੇ ਦਿਲ,
ਕਿਸੇ ਦੇ ਵੇਖਕੇ ਛਾਲੇ, ਜੋ ਖੁਦ ਹੁੰਦੇ ਰਹੇ ਛਾਲੇ |
ਜੀਓ ਤਰਲੋਕ ਜੀ ਇਹਨਾ ਦਾ ਲੈ ਕੇ ਆਸਰਾ ਜੀਓ
ਕਿ ਸਾਮਾਨ ਜੀਣ ਦਾ ਫਿਸਦੇ ਕਦੀ ਭਰਦੇ ਰਹੇ ਛਾਲੇ |
ਗ਼ਜ਼ਲ
ਕਾਗਜ਼ ਦੀ ਕਿਸ਼ਤੀ ਵਿਚ, ਮੈਂ ਇਕ ਚਿਠੀ ਉਸਨੂ ਭੇਜੀ ਸੀ |
ਕਿਸ਼ਤੀ ਭਾਵੇਂ ਕਾਗਜ਼ ਦੀ ਸੀ, ਸੁਪਨਾ ਮੇਰਾ ਅਸਲੀ ਸੀ |
ਆਪਨੇ ਆਪ ਚੋਂ ਲਭਾ, ਪਰ ਮੈਂ ਭੀੜ ਦੇ ਵਿਚ ਗਵਾਚ ਗਿਆ,
ਬਾਜ਼ਾਰਾਂ ਦੀ ਰੋਣਕ ਸੀ, ਯਾ ਭੀੜਾਂ ਦੀ ਖੁਦਗਰਜ਼ੀ ਸੀ |
ਜਦ ਮੈਂ ਨਦੀ ਤੋਂ ਦੋ ਘੁਟ ਮੰਗੇ ਓਹ ਆਪੇ ਵਿਚ ਸਿਮਟ ਗਈ
ਮੇਰੀ ਸੋਚ ਹੈਰਾਨ ਨਦੀ ਲਈ ਇਹ ਕੈਸੀ ਸ਼ਰਮਿੰਦਗੀ ਸੀ
ਗੁੰਝਲਦਾਰ ਨੇ ਸੱਜਣ, ਮੇਰਾ ਹਰ ਮਸਲਾ ਉਲਝਾ ਛਡਦੇ,
ਇਸ਼ਕੋਂ ਪਹਿਲਾਂ ਤਾਂ ਮੇਰੀ, ਸ਼ਖਸ਼ੀਅਤ ਸਾਦ-ਮੁਰਾਦੀ ਸੀ,
ਰੁਸਵਾ ਹੋ ਕੇ ਜਦ ਓਹ ਤੁਰਿਆ, ਮਹਿਫਿਲ ਵਿਚ ਘਬਰਾਹਟ ਸੀ,
ਜਦ ਅਰਥੀ ਵਿਚ ਬਦਲ ਗਿਆ ਤਾਂ ਹਰ ਇਕ ਅਖ ਪਥਰਾਈ ਸੀ |
ਅੱਜ ਖੁੱਲੇ ਦਰਵਾਜ਼ੇ ਤੇ, ਅੱਖ ਤਰਸੀ ਉਸਦੀ ਝਲਕ ਲਈ,
ਕਲ੍ਹ ਜੋ ਝੀਤਾਂ ਥਾਣੀ ਵੀ, ਧੁਰ ਅੰਦਰ ਤੀਕ ਉਤਰਦੀ ਸੀ |
ਇਹ ਕੈਸਾ ਸਮਝੋਤਾ, ਜਿਥੇ ਚਿੱਤ ਵੀ, ਪੱਟ ਵੀ, ਤੇਰੇ ਨੇ,
ਫਿਰ ਮਨ ਨੂ ਸਮਝਾਇਆ, "ਓਥੇ ਤੇਰਾ ਕੇਹੜਾ ਦਰਦੀ ਸੀ"|
ਤਰਲੋਕ "ਜੱਜ " 6-4-2010